ਹਰਮਨ ਪਿਆਰਾ ਸ਼ਾਇਰ – ਸੁਰਜੀਤ ਪਾਤਰ

for punjabi tribune
Surjit Patar
story by: Ravi Inder Singh Makkar

ਸੁਰਜੀਤ ਪਾਤਰ ਦਾਰਸ਼ਨਿਕ ਸੁਰ ਵਾਲਾ ਗੰਭੀਰ ਅਤੇ ਚੇਤੰਨ ਸ਼ਾਇਰ ਹੈ। ਉਸ ਦੀ ਕਵਿਤਾ ਦੇ ਅਰਥ ਸਤਹਿ ਉੱਤੇ ਪਏ ਨਹੀਂ ਮਿਲਦੇ ਸਗੋਂ ਅਰਥਾਂ ਦੀਆਂ ਕਈ ਪਰਤਾਂ ਹੁੰਦੀਆਂ ਹਨ। ਪਾਤਰ ਦੇ ਹਰ ਸ਼ੇਅਰ ਦੀ ਤਪਸ਼, ਸ਼ਬਦਾਂ ਵਿਚਲੀ ਗਹਿਰਾਈ ਮੁਨੱਖੀ ਮਨ ਨੂੰ ਭਾਵਨਾਤਮਿਕ ਤੌਰ ਤੇ ਝੰਜੋੜਦੀ ਹੈ। ਪੰਜਾਬੀ ਗ਼ਜ਼ਲ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦਾ ਸਿਹਰਾ ਉਸਨੂੰ ਜਾਂਦਾ ਹੈ। ਪੰਜਾਬੀ ਜ਼ੁਬਾਨ ਵਿਚ ਗ਼ਜ਼ਲ ਨੂੰ ਚਮਕਾਉਣ ਵਾਲਿਆਂ ਚੋਂ ਸੁਰਜੀਤ ਪਾਤਰ ਸਿਖਰ ਤੇ ਹੈ। ਉਨ੍ਹਾਂ ਨੂੰ ਪਦਮ ਸ੍ਰੀ, ਸਾਹਿਤ ਅਕਾਦਮੀ ਐਵਾਰਡ ਅਤੇ ਸਰਸਵਤੀ ਐਵਾਰਡ ਤੋਂ ਇਲਾਵਾ ਅਨੇਕਾਂ ਹੋਰ ਸਾਹਿਤਕ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਪੇਸ਼ ਹਨ ਉਨ੍ਹਾਂ ਦੀਆਂ ਸਦਾ ਬਹਾਰ ਰਚਨਾਵਾਂ-
1
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ
ਓਹੀ ਛਿੱਟੇ ਖੂਨ ਦੇ ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ “ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ
ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ ।
ਅੱਗ ਪਿਤਰਾਂ ਦੀ ਜੀਭ ਹੈ ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ ਬੀਤੇ ਸੰਗ ਸਾੜੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ

2
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’,ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨਾਂ ਨੂੰ ਉਜੜੇ ਘਰੀਂ ਜਾਣ ਹੁਣ, ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ

ਯਾਰ ਮੇਰੇ ਜੋ ਇਸ ਆਸ ਤੇ ਮਰ ਗਏ, ਕਿ ਮੈਂ ਉੱਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ,ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ

ਜੋ ਬਦੇਸ਼ਾਂ ‘ਚ ਰੁਲ਼ਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣੇ ਸੂਰਜ ਚੜਣ ਲਹਿਣਗੇ

ਇਹ ਰੰਗਾਂ ‘ਚ ਚਿਤਰੇ ਨੇ ਖੁਰ ਜਾਣਗੇ, ਇਹ ਜੋ ਮਰਮਰ ‘ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ, ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ
ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ, ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ

3
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਕਬਾਰ ਆਈ ਹੈ
ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ
ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ
ਲਗਾਈ ਸੀ ਜੋ ਤੀਲਾਂ ਨਾਲ, ਬੁਝਦੀ ਨਾ ਅਪੀਲਾਂ ਨਾਲ
ਨਹੀਂ ਮੁੜਦੀ ਦਲੀਲਾਂ ਨਾਲ ਅਗਨ ਜੁ ਦੁਆਰ ਆਈ ਹੈ
ਐ ਮੇਰੇ ਸ਼ਹਿਰ ਦੇ ਲੋਕੋ ਬਹੁਤ ਖੁਸ਼ ਹੈ ਤੁਹਾਡੇ ਤੇ
ਤੁਹਾਡੇ ਸ਼ਹਿਰ ਵੱਲ ਗਿਰਝਾਂ ਦੀ ਇਹ ਜੋ ਡਾਰ ਆਈ ਹੈ
ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ, ਚਲੋ ਛੱਡੋ
ਕਰੋ ਝੋਲੀ, ਭਰੋ ਅੰਗਿਆਰ ਲਉ ਕਿ ਬਹਾਰ ਆਈ ਹੈ
ਨਦੀ ਏਨੀ ਚੜ੍ਹੀ ਕਿ ਨੀਰ ਦਹਿਲੀਜ਼ਾਂ ‘ਤੇ ਚੜ੍ਹ ਆਇਆ
ਬਦੀ ਏਨੀ ਵਧੀ ਕਿ ਆਪਣੇ ਵਿਚਕਾਰ ਆਈ ਹੈ
ਕੋਈ ਕੋਂਪਲ ਨਵੀਂ ਫੁੱਟੀ ਕਿ ਕੋਈ ਡਾਲ ਹੈ ਟੁਟੀ
ਕਿ ਆਈ ਜਾਨ ਵਿਚ ਮੁੱਠੀ, ਕਿਸੇ ਦੀ ਤਾਰ ਆਈ ਹੈ ।

4
ਖੂਬ ਨੇ ਇਹ ਝਾਂਜਰਾਂ ਛਣਕਣ ਲਈ
ਪਰ ਕੋਈ ਚਾਅ ਵੀ ਤਾਂ ਨੱਚਣ ਲਈ

ਆਏ ਸਭ ਲਿਸ਼ਕਣ ਅਤੇ ਗਰਜਣ ਲਈ
ਕੋਈ ਏਥੇ ਆਇਆ ਨਾ ਬਰਸਣ ਲਈ

ਨੰਗੀਆਂ ਸ਼ਾਖਾਂ ਨੂੰ ਮੇਰੇ ਮਾਲਕਾ
ਦੇ ਦੇ ਦੋ ਤਿੰਨ ਪੱਤੀਆਂ ਪਹਿਨਣ ਲਈ

ਕੀ ਹੈ ਤੇਰਾ ਸ਼ਹਿਰ ਏਥੇ ਫੁੱਲ ਵੀ
ਮੰਗਦੇ ਨੇ ਆਗਿਆ ਮਹਿਕਣ ਲਈ

ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈਂ
ਤੈਨੂੰ ਹਰ ਇਕ ਕੋਣ ਤੋਂ ਦੇਖਣ ਲਈ

5
ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
ਮੇਰੀਆਂ ਰੀਝਾਂ ਮੇਰੀ ਔਕਾਤ ਵਿਚਲਾ ਫ਼ਾਸਿਲਾ

ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ
ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਿਲਾ

ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ
ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫ਼ਾਸਿਲਾ

ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫ਼ਾਸਿਲਾ

ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ
ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫ਼ਾਸਿਲਾ

ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗਲਬਾਤ ਵਿਚਲਾ ਫ਼ਾਸਿਲਾ

ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਿਲਾ

6
ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ
ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ
ਪੈੜਾਂ ਤੇਰੀਆਂ ‘ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ
ਪਿਆਂ ਅੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ
ਕਦੀ ਬੰਦਿਆਂ ਦੇ ਵਾਂਗੂ ਸਾਨੂੰ ਮਿਲਿਆ ਵੀ ਕਰ
ਐਵੇਂ ਲੰਘ ਜਾਨੈ ਪਾਣੀ ਕਦੇ ਵਾ ਬਣ ਕੇ
ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ

7
ਚਿੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ ‘ਤੇ
ਚੁੰਝ- ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ ‘ਤੇ

ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂ
ਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ ‘ਤੇ

ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ
ਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ ‘ਤੇ

ਰੁੱਖ ਖੜੋਤੇ ਦੇਖਦੇ, ਫੁੱਲ ਖਿੜ ਖਿੜ ਕੇ ਹੱਸਦੇ
ਕੋਲੋਂ ਲੰਘਦੇ ਹੌਂਕਦੇ ਬੰਦਿਆਂ ਦੀ ਰਫਤਾਰ ‘ਤੇ

ਬੰਦੇ ਕਿੱਧਰ ਜਾ ਰਹੇ ? ਫੁੱਲ ਪੁੱਛਦੇ, ਰੁੱਖ ਆਖਦੇ
ਖੁਸ਼ ਹੋਵਣ ਜਾ ਰਹੇ, ਹਰ ਇਕ ਕਾਰ ਸਵਾਰ ‘ਤੇ

ਸੁੱਕੇ ਪੱਤਿਆਂ ਵਾਂਗਰਾਂ ਕਿਧਰ ਉਡਦੇ ਜਾ ਰਹੇ
ਕੈਸਾ ਝੱਖੜ ਝੁੱਲਿਆ ਬੰਦਿਆਂ ਦੇ ਸੰਸਾਰ ‘ਤੇ

8
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣਾ ਗੰਧਲਦਾ ਤੱਕ ਨ ਉਦਾਸ ਹੋਵੀਂ
ਸਜਨ ਦੀ ਨਿਰਮਲ ਨਦਰ ‘ਚ ਹਰਦਮ ਤੂੰ ਧਿਆਨ ਅਪਣੇ ਨੂੰ ਲੀਨ ਰੱਖੀਂ

ਕਿਸੇ ਨੂੰ ਮਾਰਨ ਦਾ ਢੰਗ ਏ ਇਹ ਵੀ ਕਿ ਸ਼ੀਸ਼ਿਆਂ ‘ਚ ਵਿਕਾਰ ਪਾਵੋ
ਤੇ ਸ਼ਖ਼ਸੋਂ ਪਹਿਲਾਂ ਹੀ ਅਕਸ ਮਾਰੋ ਸੋ ਖ਼ੁਦ ‘ਚ ਪੂਰਾ ਯਕੀਨ ਰੱਖੀਂ।

ਲਿਬਾਸ ਮੰਗਾਂ ਨ ਓਟ ਮੰਗਾਂ ਨ ਪਰਦਾਦਾਰੀ ਦਾ ਖੋਟ ਮੰਗਾਂ
ਬੱਸ ਅਪਣੀ ਕੁਦਰਤ ਤੇ ਅ

ਪਣੇ ਵਿਚਲਾ ਇਹ ਪਰਦਾ ਇਉਂ ਹੀ ਮਹੀਨ ਰੱਖੀਂ

ਮਿਲਾਪ ਵਿਚ ਵੀ ਕੋਈ ਵਿਛੋੜਾ ਹਮੇਸ਼ ਰਹਿੰਦਾ ਏ ਥੋੜ੍ਹਾ ਥੋੜ੍ਹਾ
ਘੁਲੇ ਪਲਾਂ ‘ਚ ਕਹੇ ਕੋਈ ਨ ਘੁਲੇ ਰਹਿਣ ਦਾ ਯਕੀਨ ਰੱਖੀਂ

ਨਹੀਂ ਮੁਹੱਬਤ ਕੋਈ ਮਸੀਹਾ ਹੈ ਕਿਸਮ ਅਪਣੀ ਦਾ ਇਹ ਤਸੀਹਾ
ਇਹ ਤਪਦੇ ਸਹਿਰਾ ‘ਚ ਮਿਰਗਜਲ ਹੈ ਨ ਇਸ ‘ਚ ਦਿਲ ਦੀ ਤੂੰ ਮੀਨ ਰੱਖੀਂ

ਅਗਨ ‘ਚ ਬਲ਼ ਕੇ ਹਵਾ ‘ਚ ਰਲ਼ ਕੇ ਨ ਆਉਣਾ ਦੇਖਣ ਅਸਾਂ ਨੇ ਭਲ਼ਕੇ
ਅਸਾਡੇ ਮਗਰੋਂ ਤੂੰ ਨਾਮ ਸਾਡੇ ਨੂੰ ਪਾਕ ਰੱਖੀਂ ਮਲੀਨ ਰੱਖੀਂ

ਹਨ੍ਹੇਰਿਆਂ ਦਾ ਇਲਾਜ ਕੀ ਹੈ ਇਹ ਬੁਝ ਕੇ ਜੀਣਾ ਰਿਵਾਜ ਕੀ ਹੈ
ਬਲ਼ਣ ਬਿਨਾਂ ਹੀ ਮਿਲੇਗਾ ਚਾਨਣ ਇਹ ਆਸ ਦਿਲ ਵਿਚ ਕਦੀ ਨ ਰੱਖੀਂ

ਵਫ਼ਾ ਦੇ ਵਾਅਦੇ, ਇਹ ਅਹਿਦ ਇਰਾਦੇ ਰਹੀ ਨ ਸ਼ਿੱਦਤ ਤਾਂ ਫੇਰ ਕਾਹਦੇ
ਇਹ ਰੀਤਾਂ ਰਸਮਾਂ ਇਹ ਕੌਲ ਕਸਮਾਂ ਤੂੰ ਸ਼ਿੱਦਤਾਂ ਦੇ ਅਧੀਨ ਰੱਖੀਂ

ਮੈਂ ਤੇਰੇ ਬਾਝੋਂ ਕੀ ਪੁੱਗਣਾ ਹੈ ਖ਼ਿਲਾਵਾਂ ਅੰਦਰ ਕੀ ਉੱਗਣਾ ਹੈ
ਮੈਂ ਅੰਤ ਕਿਰਨਾ ਹੈ ਬੀਜ ਬਣ ਕੇ ਜ਼ਰਾ ਕੁ ਸਿੱਲੀ ਜ਼ਮੀਨ ਰੱਖੀਂ

ਬੁਰੇ ਦਿਨਾਂ ਤੋਂ ਡਰੀਂ ਨ ਪਾਤਰ ਭਲੇ ਦਿਨਾਂ ਨੂੰ ਲਿਆਉਣ ਖ਼ਾਤਰ
ਤੂੰ ਸਿਦਕ ਦਿਲ ਵਿਚ ਤੇ ਆਸ ਰੂਹ ਵਿਚ ਨਜ਼ਰ ‘ਚ ਸੁਪਨੇ ਹਸੀਨ ਰੱਖੀਂ